ਜਿਹੜੇ ਆਪ ਹੁਣ ਤੱਕ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਭੰਡਦੇ ਆਏ ਨੇ ਓ ਪਹਿਲਾਂ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪੰਥ ਦੀਆਂ ਸਿਰਮੌਰ ਸੰਸਥਾਵਾਂ ਨੂੰ ਭੰਡਦੇ ਹਨ ਤੇ ਓਹਨਾਂ ਤੋਂ ਮਦਦ ਵੀ ਮੰਗਦੇ ਹਨ। ਜੇਕਰ ਭੰਡਣਾ ਫਿਰ ਮਦਦ ਕਿਓਂ ਮੰਗਦੇ ਨੇ?
ਫਿਰ ਕਹਿੰਦੇ ਪੰਥ ਦੀਆਂ ਸਿਰਮੌਰ ਸੰਸਥਾਵਾਂ 17 ਮਾਰਚ ਨੂੰ ਕੋਈ ਵੱਡਾ ਪ੍ਰੋਗਰਾਮ ਨਹੀ ਦੇ ਸਕੀਆਂ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਮਾਤਾ ਪਿਤਾ ਨੇ ਭੰਡਿਆ ਕਿਓਂ ਨਹੀ?
ਮਤਲਬ ਤੁਹਾਡੇ ਕੋਲ ਪੰਥ ਦੀਆਂ ਸਿਰਮੌਰ ਸੰਸਥਾਵਾਂ ਖਿਲਾਫ ਬੋਲਣ ਦਾ ਹੱਕ ਆ ਪਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਕੋਲ ਨਹੀ ? ਪੰਥ ਦੀਆਂ ਸਿਰਮੌਰ ਸੰਸਥਾਵਾਂ ਅੰਮ੍ਰਿਤਪਾਲ ਸਿੰਘ ਦਾ ਸਾਥ ਨਾ ਦੇਣ ਤਾਂ ਚੰਗੀਆਂ, ਪਰ ਦੇ ਦੇਣ ਤੇ ਮਾੜੀਆਂ! ਵਾਹ!
ਫਿਰ ਅਖੇ ਜੀ ਅੰਮ੍ਰਿਤਪਾਲ ਸਿੰਘ ਦੀ ਟਰੌਲ ਆਰਮੀ ਕਾਰਨ ਆ ਕਿ ਮੋਰਚੇ ‘ਚ ਇਕੱਠ ਨਹੀ ਹੋ ਰਿਹਾ। ਭਲਿਓ ਲੋਕੋ ਚੱਲਦੇ ਮੋਰਚਿਆਂ ‘ਚ ਇਕੱਠ ਏਨਾ ਕੁ ਹੀ ਹੁੰਦਾ। ਜਦੋਂ ਕਿਤੇ ਇੱਕ ਖਾਸ ਦਿਨ ਦਾ ਇਕੱਠ ਹੋਵੇ ਤਾਂ ਸੰਗਤ ਜੁੜਦੀ ਆ। 17 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੀ ਸਿੱਖ ਸੰਗਤ ਨੇ ਦਸ ਦਿੱਤਾ ਕਿ ਓਹਨਾਂ ਦਾ ਲੀਡਰ ਕੌਣ ਆ। ਅਤੇ ਸਿੱਖ ਸੰਗਤ ਭਾਈ ਸਾਹਬ ਨੂੰ ਕਿੰਨਾ ਪਿਆਰ ਕਰਦੀ ਆ। ਹਜਾਰਾਂ ਰੋਕਾਂ ਅਤੇ ਖੌਫ ਦੇ ਬਾਵਯੂਦ ਵੀ ਹਜਾਰਾਂ ਸਿੱਖਾਂ ਦਾ ਆਪ ਮੁਹਾਰਾ ਹੋਇਆ ਇਕੱਠ ਇਸ ਗੱਲ ਤੇ ਮੋਹਰ ਲਾ ਗਿਆ ਕਿ ਸਿੱਖ ਸੰਗਤ ਕਦੇ ਵੀ ਭਾਈ ਸਾਹਬ ਨੂੰ ਵਿਸਾਰ ਨਹੀ ਸਕਦੀ। ਹੁਣ ਸੋਸ਼ਲ ਮੀਡੀਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਮੋਰਚੇ ‘ਚ ਇਕੱਠ ਨਾ ਹੋਣ ਦਾ ਦੋਸ਼ ਦੇਣ ਵਾਲੇ ਇਕੱਠ ਹੋ ਜਾਣ ਦਾ ਸਿਹਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਦੇਣਗੇ? ਸੱਚਾਈ ਤਾਂ ਇਹ ਹੈ ਕਿ ਇਹ ਇਕੱਠ ਕਰਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕਿਸੇ ਖਾਸ ਸਮਰਥਕਾਂ ਦਾ ਵੀ ਕੋਈ ਯੋਗਦਾਨ ਨਹੀ ਸੀ। ਕਿਉਕਿ ਹਰ ਸਿੱਖ ਨੇ ਆਪ ਮੁਹਾਰੇ ਪਹੁੰਚ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਓਹ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਹੈ। ਹੁਣ ਸਮਰਥਕਾਂ ਨੂੰ ਟਰੌਲ ਆਰਮੀ ਕਹਿ ਭੰਡਣ ਵਾਲੇ ਥੋੜੀ ਬਹੁਤ ਹਯਾ ਕਰਨ।
ਫਿਰ ਅਖੇ ਜੀ ਜਥੇਦਾਰ ਤੇ ਭਾਈ ਹਵਾਰਾ ਨੇ, ਅੰਮ੍ਰਿਤਪਾਲ ਦੇ ਮਾਤਾ ਪਿਤਾ ਬਾਦਲਾਂ ਦੇ ਜਥੇਦਾਰ ਕੋਲ ਕਿਓਂ ਚਲੇ ਗਏ? ਚਲੋ ਮੰਨਿਆ ਕਿ ਭਾਈ ਹਵਾਰਾ ਤਾਂ ਨਜਰਬੰਦ ਨੇ, ਪਰ ਕੀ 2015 ਵਾਲੇ ਸਰਬਤ ਖਾਲਸੇ ‘ਚ ਚੁਣੇ ਗਏ ਬਾਕੀ ਦੇ ਜਥੇਦਾਰ ਕਦੇ ਲੱਭੇ ਨੇ? ਮਾਤਾ ਪਿਤਾ ਕੀਹਦੇ ਕੋਲ ਜਾਣ? ਦਾਦੂਵਾਲ ਕੋਲ? ਧਿਆਨ ਸਿੰਘ ਮੰਡ ਕੋਲ? ਜਾਂ ਅਮਰੀਕ ਸਿੰਘ ਅਜਾਨਾਲੇ ਕੋਲ ਜੀਹਨੇ ਟਿੱਲ ਦਾ ਜੋਰ ਲਾ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਕਰਵਾਓਣ ਲਈ। (ਏ ਵੀ ਧਿਆਨ ‘ਚ ਰੱਖੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮਗਰੋਂ ਜੋ ਸ੍ਰੀ ਦਰਬਾਰ ਸਾਹਿਬ ਨੇੜੇ ਨਿੱਕੇ ਮੋਟੇ ਬੰਬ ਧਮਾਕੇ ਹੋਏ ਸਨ ਓਸ ਵਿੱਚ ਅਮਰੀਕ ਸਿੰਘ ਅਜਨਾਲਾ ਦੇ ਬੰਦੇ ਫੜੇ ਗਏ ਸਨ, ਪਰ ਕੋਈ ਜਾਂਚ ਨਹੀ, ਕੋਈ ਪਰਚਾ ਨਹੀ ਤੇ ਨਾ ਹੀ ਕੋਈ NSA ਲੱਗਾ) ਸੋ ਸੰਗਤ ਦੱਸੇ ਕਿ ਬੰਦੀ ਸਿੰਘਾ ਦੇ ਮਾਪੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਕੀਹਦੇ ਕੋਲ ਜਾਣ ਮਦਦ ਲਈ?
ਕਹਿੰਦੇ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਖਾਂ ਦਾ ਇੱਕੋ ਇੱਕ ਰਾਜਸੀ ਅਤੇ ਧਾਰਮਿਕ ਲੀਡਰ ਕਿਓਂ ਕਹਿ ਦਿੱਤਾ! ਅਤੇ ਓਹ ਵੀ ਆਰ ਐਸ ਐਸ ਦੇ ਬੰਦੇ ਨੇ। ਦੱਸੋ, ਇਸ ਵਕਤ ਕੌਮ ਵਿੱਚ ਇੱਕਾ ਦੁੱਕਾ ਸਨਮਾਨਯੋਗ ਸਖਸ਼ੀਅਤਾਂ ਨੂੰ ਛੱਡ ਦਈਏ ਤਾਂ ਕੌਣ ਸਮਝੌਤਾਵਾਦੀ ਨਹੀ ? ਭਾਈ ਅੰਮ੍ਰਿਤਪਾਲ ਸਿੰਘ ਨੇ ਪੰਥ ਪੰਜਾਬ ਲਈ ਡੱਟਕੇ ਸਖਤ ਸਟੈਂਡ ਲਏ ਹਨ। ਫਿਰ ਇਹ ਗੱਲ ਕਹਿਣ ‘ਚ ਗਲਤ ਕੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹਨ ਇੱਕ ਯੋਗ ਲੀਡਰ।
ਜੇਕਰ ਕਾਂਗਰਸ ਦੇ ਬੰਦੇ ਸਟੇਜ ਤੋਂ ਬੋਲ ਸਕਦੇ ਹਨ, ਸ਼੍ਰੋਮਣੀ ਅਕਾਲੀ ਦਲ ਦੇ ਬੋਲ ਸਕਦੇ ਹਨ, ਆਮ ਆਦਮੀ ਪਾਰਟੀ ਦੇ ਬੰਦੇ ਸਿੱਖ ਸਟੇਜਾਂ ਤੋਂ ਬੋਲ ਸਕਦੇ ਹਨ, ਤੇ ਕੀ ਆਰ ਐਸ ਐਸ ਕਾਂਗਰਸ, ਬਾਦਲਾਂ ਤੇ ਆਮ ਆਦਮੀ ਪਾਰਟੀ ਨਾਲੋਂ ਵੱਧ ਮਾੜੀ ਹੈ? ਇਹਨਾਂ ਵਿੱਚੋ ਕੀਹਨੇ ਕੌਮ ਦਾ ਘੱਟ ਘਾਣ ਕੀਤਾ?
ਆਖਰੀ ਗੱਲ ਠੋਸ ਪ੍ਰੋਗਰਾਮ ਦੇਣ ਵਾਲੀ। ਕੀ ਠੋਸ ਪ੍ਰੋਗਰਾਮ ਦੇਣ ਦੀ ਮੰਗ ਕਰਨ ਵਾਲੇ ਆਪ ਮੋਰਚੇ ਵਿੱਚ ਗਏ ਸਨ? ਜੇਕਰ ਨਹੀ ਗਏ ਤਾਂ ਹੁਣ ਚਲੇ ਜਾਣ, ਠੋਸ ਪ੍ਰੋਗਰਾਮ ਦੇਣ ਅਤੇ ਅੱਗੇ ਲੱਗਣ। ਸਿੱਖ ਸੰਗਤ ਡੱਟਕੇ ਸਾਥ ਦਿਊਗੀ। ਪਰ ਜੇਕਰ ਹਮਦਰਦ ਹੋਣ ਦੀ ਸਿਰਫ ਹਵਾ ਅਤੇ ਵਿਖਾਵਾ ਕਰਨਾ ਤਾਂ ਆਹ ਛੁਰਲੀਆਂ ਛੱਡਣੀਆਂ ਬੰਦ ਕਰੋ। ਬੰਦੀ ਸਿੰਘਾ ਦੇ ਮਾਪੇ ਜਿੰਨੇ ਜੋਗੇ ਹਨ ਓਹ ਆਪਣਾ ਕੌਮੀ ਕਾਰਜ ਕਰ ਰਹੇ ਹਨ। ਓਹਨਾਂ ਨੂੰ ਪੰਥ ਦੀਆਂ ਸਿਰਮੌਰ ਸੰਸਥਾਵਾਂ ਜਿੰਨਾ ਕੁ ਵੀ ਓਹਨਾਂ ਦਾ ਸਾਥ ਦੇ ਰਹੀਆਂ ਹਨ ਓਸ ਤੋਂ ਕੋਈ ਉਮੀਦ ਦਿੱਸਦੀ ਹੈ। ਜੇਕਰ ਤੁਹਾਡਾ ਕੋਈ ਖਾਸ ਪੰਥਕ ਲੀਡਰ ਓਹਨਾਂ ਨਾਲ ਅੱਗੇ ਲੱਗ ਕੇ ਤੁਰ ਸਕਦਾ ਤਾਂ ਲੈਕੇ ਆਓ, ਬੰਦੀ ਸਿੰਘਾ ਦੇ ਮਾਪੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੇਖਣਾ ਛੱਡ ਤੁਹਾਡੇ ਲੀਡਰ ਪਿੱਛੇ ਤੁਰ ਪੈਣਗੇ।
ਦੱਸੋ ਕਦੋਂ ਦੇਣਾ ਤੁਸੀ ਅਤੇ ਤੁਹਾਡੇ ਲੀਡਰਾਂ ਨੇ ਠੋਸ ਪ੍ਰੋਗਰਾਮ?
— ਡਾ: ਧਰਮਜੀਤ ਸਿੰਘ ਬਾਗੀ